روزہ شاعر :ہرمیت ودیارتھی

روزہ
شاعر :ہرمیت ودیارتھی

ڈھولی نے ڈھول بجایا

 harmeet vidyarthi|ہرمیت ودیارتھی|ਹਰਮੀਤ ਵਿਦਿਆਰਥੀ

روزہ —–شاعر :ہرمیت ودیارتھی
ਰੋਜ਼ਾ /ਹਰਮੀਤ ਵਿਦਿਆਰਥੀ
Roza by Harmeet Vidyarthi

سحری دا ویلا ہو گیا ہے
چُلھے اگ بالنی ہے
روزہ تاں رکھیا ہی جانا ہے
وِہڑے وِچ لکّڑ کوئی نہیں
وِچ گھڑے دے پانی وی نہیں
آٹے والا پِیپا خالی
کِنجھ سحری لئ بندوبست ہوو
روزہ تاں رکھنا ہی ہے
………………….
اُنجھ وی اِس وہڑے وچ
اکثر روزہ ہُندا ہے
وکھری گل ہے
آپاں اِس نوں فاقہ کہندے ہاں
روزہ تاں رکھیا ہی جانا ہے
…………………………..
چل
باہر گلی دے نلکے توں
ڈِھڈ بھر کے
پانی دے نال
آپاں سحری کر لئیے
کعبے ول مُنہ کر کے
سیس نِوا کے
روزہ رکھ لیا اے
————–
دِہوں چڑھیا ہے
ڈِھڈ دے وچ کڑّل پیندے نے
بس صبر کر مناں
سورج سِر تے پہنچ گیا
چھیتی ڈھلنا شروع ہو جاوے گا
………………………..
ڈھل رہی ہے شام
ہوَلی ہوَلی نیڑے آ رہا ہے
سورج ڈبن دا ویلا
گوڈِیاں نوں ڈِھڈ وِچ دے لیا ہے
وقت کِسے نہ کِسے طرح
گزر ہی جاوے گا
گھڑی گھڈی
پل پل
———-
لوَ ڈُب گیا ہے سورج
افطاری دا ویلا ہو گیا
……………………
اکھاں چوں اتھرواں دی تتیری پُھٹّی
وگدے وگدے بُلھّاں تک آئے اتھروُ
مُنہ چ گئے
روزہ کھل گیا
………………….
روزہ تاں روز ہی رکھیا جاندا اے
رمضان تو بِنا
باقی مہِینیاں وِچ
اِس نوں فاقہ آکھدے نے

———-
ਰੋਜ਼ਾ /ਹਰਮੀਤ ਵਿਦਿਆਰਥੀ

ਢੋਲੀ ਨੇ ਵਜਾਇਆ ਏ ਢੋਲ
ਸਹਰੀ ਦਾ ਵੇਲਾ ਹੋ ਗਿਆ ਹੈ
ਚੁੱਲ੍ਹੇ ਅੱਗ ਬਾਲਣੀ ਹੈ
ਢਿੱਡ ਦਾ ਬਾਨੰਣੂ ਬੰਨਣਾ ਹੈ
ਰੋਜ਼ਾ ਤਾਂ ਹੀ ਰੱਖਿਆ ਜਾਣਾ ਏ
ਵਿਹੜੇ ਵਿੱਚ ਲੱਕੜ ਕੋਈ ਨਹੀਂ
ਵਿੱਚ ਘੜੇ ਦੇ ਪਾਣੀ ਵੀ ਨਹੀਂ
ਆਟੇ ਵਾਲਾ ਪੀਪਾ ਖਾਲੀ
ਕਿੰੰਝ ਸਹਰੀ ਲਈ ਬੰਦੋਬਸਤ ਹੋਊ
ਰੋਜ਼ਾ ਤਾਂ ਰੱਖਣਾ ਹੀ ਏ
………………….
ਉੰਝ ਵੀ ਇਸ ਵਿਹੜੇ ਵਿੱਚ
ਅਕਸਰ ਰੋਜ਼ਾ ਹੁੰਦਾ ਹੈ
ਵੱਖਰੀ ਗੱਲ ਹੈ
ਆਪਾਂ ਇਸਨੂੰ ਫ਼ਾਕਾ ਕਹਿੰਦੇ ਹਾਂ
…………………………..
ਚੱਲ
ਬਾਹਰ ਗਲੀ ਦੇ ਨਲਕੇ ਉੱਤੋਂ
ਢਿੱਡ ਭਰ ਕੇ
ਪਾਣੀ ਦੇ ਨਾਲ
ਆਪਾਂ ਸਹਰੀ ਕਰ ਲਈਏ
ਕਾਅਬੇ ਦੇ ਵੱਲ ਮੂੰਹ ਕਰਕੇ
ਸੀਸ ਨਿਵਾਕੇ
ਰੋਜ਼ਾ ਰੱਖ ਲਿਆ ਏ

ਦਿਹੁੰ ਚੜ੍ਹਿਆ ਹੈ
ਢਿੱਡ ਦੇ ਵਿੱਚ ਕੜੱਲ ਪੈਂਦੇ ਨੇ
ਬੱਸ ਸਬਰ ਕਰ ਮਨਾਂ
ਸੂਰਜ ਸਿਰ ਤੇ ਪਹੁੰਚ ਗਿਆ
ਛੇਤੀ ਢਲਣਾ ਸ਼ੁਰੂ ਹੋ ਜਾਵੇਗਾ
………………………..
ਢਲ ਰਹੀ ਹੈ ਸ਼ਾਮ
ਹੌਲੀ ਹੌਲੀ ਨੇੜੇ ਆ ਰਿਹਾ ਹੈ
ਸੂਰਜ ਡੁੱਬਣ ਦਾ ਵੇਲਾ
ਗੋਡਿਆਂ ਨੂੰ ਢਿੱਡ ਵਿੱਚ ਦੇ ਲਿਆ ਹੈ
ਵਕਤ ਕਿਸੇ ਨਾ ਕਿਸੇ ਤਰ੍ਹਾਂ
ਗ਼ੁਜ਼ਰ ਹੀ ਜਾਵੇਗਾ
ਘੜੀ ਘੜੀ
ਪਲ ਪਲ
……………
……………
ਲਉ ਡੁੱਬ ਗਿਆ ਹੈ ਸੂਰਜ
ਇਫ਼ਤਾਰੀ ਦਾ ਵੇਲਾ ਹੋ ਗਿਆ
……………………
ਅੱਖਾਂ ਚੋਂ ਅੱਥਰੂਆਂ ਦੀ ਤਤੀਰੀ ਫੁੱਟੀ
ਵਗਦੇ ਵਗਦੇ ਬੁੱਲਾਂ ਤੱਕ ਆਏ
ਅੱਥਰੂ ਮੂੰਹ ਚ ਗਿਆ
ਰੋਜ਼ਾ ਖੁੱਲ੍ਹ ਗਿਆ
………………….
ਰੋਜ਼ਾ ਤਾਂ ਰੋਜ਼ ਹੀ ਰੱਖਿਆ ਜਾਂਦਾ ਏ
ਰਮਜ਼ਾਨ ਤੋਂ ਬਿਨਾਂ
ਬਾਕੀ ਮਹੀਨਿਆਂ ਵਿੱਚ
ਉਸ ਨੂੰ ਫ਼ਾਕਾ ਆਖਦੇ ਨੇ
۔۔۔۔۔۔۔۔۔۔۔۔۔۔۔

About pehchane pakistan

Leave a Reply

Your email address will not be published. Required fields are marked *

*

Powered by Dragonballsuper Youtube Download animeshow